ਜ਼ਕਾਤ

ਜ਼ਕਾਤ ਇਸਲਾਮ ਪੰਜ ਅਸੂਲਾਂ ਵਿੱਚੋਂ ਇੱਕ ਅਹਿਮ ਅਸੂਲ ਹੈ, ਜਿਸ ਦਾ ਕੋਸ਼ਗਤ ਅਰਥ ਪਾਕੀਜ਼ਾ ਕਰਨਾ ਜਾਂ ਪ੍ਰਵਾਨ ਚੜ੍ਹਾਉਣਾ ਹੈ। ਜ਼ਕਾਤ ਦਾ ਪੈਸਾ ਆਮ ਤੌਰ 'ਤੇ ਗਰੀਬਾਂ, ਮਸਕੀਨਾਂ, ਮਦਰਸਿਆਂ, ਕਰਜ਼ਦਾਰ ਵਿਅਕਤੀਆਂ ਨੂੰ ਕਰਜ਼ ਮੁਕਤ ਕਰਾਉਣ ਲਈ ਖਰਚ ਕੀਤਾ ਜਾਂਦਾ ਹੈ।[1] ਮਹਾਨ ਕੋਸ਼ ਅਨੁਸਾਰ:

ਆਪਣੇ ਮਾਲ ਵਿੱਚੋਂ ਧਰਮਅਰਥ ਜੋ ਹਿੱਸਾ ਕੱਢਿਆ ਜਾਂਦਾ ਹੈ ਉਸ ਦਾ ਨਾਮ "ਜ਼ਕਾਤ" ਇਸ ਲਈ ਹੋ ਗਿਆ ਹੈ ਕਿ ਉਸ ਭਾਗ ਦੇ ਦੇਣ ਨਾਲ ਧਨ ਮਾਲ ਪਵਿਤ੍ਰ ਹੋ ਜਾਂਦਾ ਹੈ। ਕੁਰਾਨ ਵਿੱਚ ਜ਼ਕਾਤ ਦੇਣਾ ਧਾਰਮਿਕ ਨਿਯਮ ਹੈ। ਦੇਖੋ, ਸੂਰਤ ਬਕਰ, ਆਯਤ 43. ਜੋ ਮਾਲ ਇੱਕ ਵਰ੍ਹਾ ਕ਼ਬਜੇ ਵਿੱਚ ਰਹੇ ਉਸ ਦੀ ਜ਼ਕਾਤ ਦੇਣੀ ਜ਼ਰੂਰੀ ਹੈ, ਇਸ ਤੋਂ ਘੱਟ ਸਮੇਂ ਪੁਰ ਨਹੀਂ. ਹਦੀਸਾਂ ਦੇਖਣ ਤੋਂ ਪਤਾ ਲਗਦਾ ਹੈ ਕਿ ਹਰੇਕ ਮਾਲ ਉੱਪਰ ਜੁਦੀ ਜੁਦੀ ਜ਼ਕਾਤ ਹੈ, ਜੈਸੇ- ਚਾਰ ਉੱਠ ਜਿਸ ਪਾਸ ਹੋਣ ਉਸ ਉੱਪਰ ਜ਼ਕਾਤ ਨਹੀਂ, ਪਰ ਪੰਜ ਉੱਠ ਦੇ ਮਾਲਿਕ ਨੂੰ ਇੱਕ ਭੇਡ ਜਾਂ ਬਕਰਾ ਹਰ ਸਾਲ ਜ਼ਕਾਤ ਦੇਣਾ ਚਾਹੀਏ, ਦਸ ਉੱਠ ਵਾਲੇ ਨੂੰ ਦੋ, ਅਤੇ ਚਾਲੀ ਵਾਲੇ ਨੂੰ ਚਾਰ ਬਕਰੇ ਦੇਣੇ ਚਾਹੀਏ. ਤੀਹਾਂ ਤੋਂ ਘੱਟ ਗਊ ਭੈਸਾਂ ਉੱਤੇ ਜ਼ਕਾਤ ਨਹੀਂ. ਤੀਹਾਂ ਦੇ ਮਾਲਿਕ ਨੂੰ ਹਰ ਸਾਲ ਇੱਕ ਵਰ੍ਹੇ ਦੀ ਉਮਰ ਦਾ ਵੱਡਾ ਜ਼ਕਾਤ ਵਿੱਚ ਦੇਣਾ ਚਾਹੀਏ. ਚਾਲੀ ਪਸ਼ੂਆਂ ਪਰ ਦੋ ਵਰ੍ਹੇ ਦੀ ਉਮਰ ਦਾ ਵੱਛਾ ਦੇਣਾ ਚਾਹੀਏ. ਘੋੜਿਆਂ ਦੀ ਕੀਮਤ ਲਾਕੇ ਪੰਜ ਫ਼ੀ ਸਦੀ ਜ਼ਕਾਤ ਹੈ, ਪਰ ਜੋ ਘੋੜੇ ਜੰਗ ਦੇ ਕੰਮ ਆਉਣ ਜਾਂ ਗੱਡੀਆਂ ਵਿੱਚ ਜੋਤੇ ਜਾਣ, ਉਹਨਾਂ ਉੱਤੇ ਜ਼ਕਾਤ ਨਹੀਂ. ਦੋ ਸੌ ਦਿਰਹਮ¹ [درہم] ਤੋਂ ਘੱਟ ਚਾਂਦੀ ਉੱਪਰ ਜ਼ਕਾਤ ਨਹੀਂ, ਇਸ ਤੋਂ ਵੱਧ ਹੋਵੇ ਤਦ ਪੰਜ ਫ਼ੀ ਸਦੀ ਜ਼ਕਾਤ ਹੈ। ਬੀਸ ਮਿਸ਼ਕ਼ਾਲ² [مشقال] ਤੋਂ ਘੱਟ ਸੁਇਨੇ ਤੇ ਜ਼ਕਾਤ ਨਹੀਂ. ਇਸ ਤੋਂ ਵੱਧ ਹੋਵੇ ਤਾਂ ਫੀ ਮਿਸਕਾਲ ਦੋ ਕ਼ੀਰਾਤ਼.³ [قیِراط] ਜ਼ਕਾਤ ਹੈ। ਘਰ ਦੇ ਮਾਲ ਅਸਬਾਬ ਉੱਤੇ ਜੋ ਵਰਤੋਂ ਵਿੱਚ ਨਹੀਂ ਆਉਂਦਾ ਅਰ ਦੋ ਸੌ ਦਿਰਹਮ ਤੋਂ ਵਧੀਕ ਮੁੱਲ ਦਾ ਹੋਵੇ ਤਾਂ ਢਾਈ ਫ਼ੀ ਸਦੀ ਜ਼ਕਾਤ ਹੈ, ਇਤ੍ਯਾਦਿ.#ਜ਼ਕਾਤ ਦਾ ਮਾਲ ਸੱਤ ਥਾਂਈਂ ਖਰਚਣਾ ਲਿਖਿਆ ਹੈ:-#(ੳ) ਫ਼ਕ਼ੀਰਾਂ ਨੂੰ. (ਅ) ਅਨਾਥਾਂ ਨੂੰ. (ੲ) ਜ਼ਕਾਤ ਕੱਠਾ ਕਰਨ ਵਾਲਿਆਂ ਨੂੰ. (ਸ) ਗ਼ੁਲਾਮਾਂ ਦੇ ਆਜ਼ਾਦ ਕਰਾਉਣ ਵਿੱਚ. (ਹ) ਮਕ਼ਰੂਜ਼ਾਂ (ਕ਼ਰਜ਼ਦਾਰਾਂ) ਨੂੰ. (ਕ) ਖ਼ੁਦਾ ਦੇ ਨਾਮ ਅਥਵਾ ਧਰਮ ਦੇ ਜੰਗ ਲਈ. (ਖ) ਮੁਸਾਫ਼ਿਰਾਂ ਨੂੰ।[2]

ਹਵਾਲੇ

  1. ਇਸਲਾਮ ਸਿਧਾਂਤ ਤੇ ਸਿੱਖਿਆ, ਪ੍ਰੋ.ਗੁਰਚਰਨ ਸਿੰਘ ਤਲਵਾੜਾ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2014, ਪੰਨਾ 34
  2. http://searchgurbani.com/mahan_kosh/view/30425